ਰੱਖੜੀ ਦਾ ਤਿਉਹਾਰ

ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹਨਾਂ ਤਿਉਹਾਰਾਂ ਵਿੱਚੋ ਇੱਕ ਹੈ ਰੱਖੜੀ ਦਾ ਤਿਉਹਾਰ। ਇਹ ਤਿਉਹਾਰ ਜਿੱਥੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਉੱਥੇ ਹੀ ਇਸ ਦੇ ਪਿੱਛੇ ਛਿਪਿਆ ਹੈ ਇੱਕ ਭੈਣ ਦਾ ਆਪਣੇ ਭਰਾ ਉਪਰ ਆਪਣੀ ਰੱਖਿਆ ਲਈ ਕੀਤਾ ਜਾਣ ਵਾਲਾ ਵਿਸ਼ਵਾਸ। ਰੱਖੜੀ ਦਾ ਤਿਉਹਾਰ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਸ ਲਈ ਹੀ ਇਸ ਨੂੰ ਰੱਖੜ ਪੁੰਨਿਆ ਵੀ ਕਿਹਾ ਜਾਂਦਾ ਹੈ। ਸਮੇਂ ਦੇ ਨਾਲ – ਨਾਲ ਜ਼ਿਆਦਾਤਰ ਤਿਉਹਾਰਾਂ ਦੀ ਰੂਪ ਰੇਖਾ ਬਦਲ ਚੁੱਕੀ ਹੈ, ਪਰ ਰੱਖੜੀ ਦਾ ਤਿਉਹਾਰ ਅੱਜ ਵੀ ਪਹਿਲਾ ਵਾਂਗ ਹੀ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਜਿੱਥੇ ਹਿੰਦੂ ਧਰਮ ਨਾਲ ਜੁੜਿਆ ਹੈ, ਉਥੇ ਹੀ ਜੈਨ ਧਰਮ ਅਤੇ ਸਿੱਖ ਧਰਮ ਨਾਲ ਸਬੰਧਤ ਲੋਕ ਵੀ ਇਸ ਤਿਉਹਾਰ ਨੂੰ ਮਨਾਉਦੇ ਹਨ। ਰੱਖੜੀ ਦੇ ਦਿਨ ਭੈਣ ਆਪਣੇ ਭਰਾ ਦੀ ਕਲਾਈ ਤੇ ਰੱਖੜੀ ਬੰਨ੍ਹ ਉਸਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਇਸਦੇ ਨਾਲ ਹੀ ਭਰਾ ਸਾਰੀ ਉਮਰ ਭੈਣ ਦੀ ਰੱਖਿਆ ਕਰਨ ਦਾ ਵਾਧਾ ਕਰਦਾ ਹੈ। ਇਸ ਦਿਨ ਸਹੁਰੇ ਗਈਆਂ ਕੁੜੀਆਂ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਪੇਕੇ ਘਰ ਆਉਂਦੀਆਂ ਹਨ। ਭੈਣ ਰੱਖੜੀ ਬੰਨ੍ਹ ਭਰਾ ਦਾ ਮੂੰਹ ਮਿੱਠਾ ਕਰਵਾਉਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਹਿੰਦੂ ਧਰਮ ਵਿੱਚ ਰੱਖੜੀ ਵਾਲੇ ਦਿਨ ਭਰਾ ਨੂੰ ਰੱਖੜੀ ਬੰਨਣ ਤੱਕ ਭੈਣ ਵੱਲੋ ਵਰਤ ਰੱਖਿਆ ਜਾਂਦਾ ਹੈ। ਬਾਕੀ ਤਿਉਹਾਰਾਂ ਦੀ ਤਰ੍ਹਾਂ ਹੀ ਇਸ ਦਿਨ ਘਰ ਵਿਚ ਚੰਗੇ ਪਕਵਾਨ ਬਣਾਏ ਜਾਂਦੇ ਹਨ। ਜਿਹੜੇ ਭੈਣ-ਭਰਾ ਇੱਕ ਦੂਜੇ ਤੋਂ ਦੂਰ ਦੇਸ਼ -ਵਿਦੇਸ਼ ਵਿੱਚ ਬੈਠੇ ਹੁੰਦੇ ਹਨ ਉਹਨਾਂ ਨੂੰ ਬਹੁਤ ਸਾਰੀਆਂ ਭੈਣਾਂ ਡਾਕ ਰਾਹੀ ਰੱਖੜੀ ਭੇਜਦੀਆਂ ਹਨ। ਅੱਜ ਦੇ ਆਧੁਨਿਕ ਯੁੱਗ ਵਿੱਚ ਇੰਟਰਨੈਂਟ ਨੇ ਦੇਸ਼  ਵਿਦੇਸ਼ ਵਿੱਚ ਰੱਖੜੀ ਭੇਜਣਾ ਹੋਰ ਅਸਾਨ ਕਰ ਦਿੱਤਾ ਹੈ। ਸੀਮਾਂ ਤੇ ਦੇਸ਼ ਦੀ ਸੁਰੱਖਿਆ ਕਰ ਰਹੇ ਫ਼ੌਜੀ ਵੀਰਾਂ ਨੂੰ ਉਹਨਾਂ ਦੀ ਸਕੀਆਂ ਭੈਣਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਭੈਣਾਂ ਰੱਖੜੀ ਭੇਜਦੇ ਹੋਏ ਉਹਨਾਂ ਦੀ ਕਾਮਜਾਬੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।

                          ਰੱਖੜੀ ਦੇ ਇਤਿਹਾਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਮੰਨਿਆਂ ਜਾਂਦਾ ਹੈ ਕਿ ਜਦੋਂ ਆਰੀਆ ਲੋਕ ਭਾਰਤ ਵਿੱਚ ਆਏ ਤਾਂ ਉਹਨਾਂ ਰੱਖੜੀ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ। ਪੁਰਾਣੇ ਸਮੇਂ ਵਿਚ ਜਦੋਂ ਰਾਜਪੂਤ ਰਣਭੂਮੀ ਵਿੱਚ ਜਾਂਦੇ ਸਨ ਤਾਂ ਔਰਤਾਂ ਉਹਨਾਂ ਦੇ ਮੱਥੇ ਉਪਰ ਕੁੰਮ-ਕੁੰਮ ਦਾ ਟਿੱਕਾ ਲਗਾ ਹੱਥ ਤੇ ਰੇਸ਼ਮੀ ਧਾਗਾ ਬੰਨਦੀਆਂ ਸਨ। ਇਸ ਸਭ ਪਿੱਛੇ ਮਕਸਦ ਸਿਰਫ਼ ਯੁੱਧ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਸਹੀ ਸਲਾਮਤ ਘਰ ਪਰਤ ਆਉਣਾ ਸੀ। ਰੱਖੜੀ ਦੇ ਤਿਉਹਾਰ ਦੇ ਨਾਲ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਵੀ ਜੁੜੀ ਹੈ। ਕਰਮਵਤੀ ਨੇ ਬਹਾਦ੍ਰੁਰਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗਲ ਬਾਦਸ਼ਾਹ ਹੰਮਾਯੂ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ। ਹੰਮਾਯੂ ਨੇ ਮੁਸਲਮਾਨ ਹੁੰਦਿਆਂ ਹੋਇਆ ਵੀ ਉਸ ਰੱਖੜੀ ਦੀ ਲਾਜ ਰੱਖੀ ਸੀ। ਹੰਮਾਯੂ ਨੇ ਬਹਾਦੁਰਸ਼ਾਹ ਦੇ ਵਿਰੁੱਧ ਯੁੱਧ ਕਰ ਰਾਣੀ ਕਰਮਵਤੀ ਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਂਭਾਰਤ ਵਿੱਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ। ਕ੍ਰਿਸ਼ਨ ਜੀ ਦੁਆਰਾ ਸ਼ਿਸ਼ੂਪਾਲ ਦੇ ਵੱਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਤਾਂ ਦਰੋਪਤੀ ਨੇ ਆਪਣੀ ਸਾੜੀ ਨਾਲੋ ਕੱਪੜਾ ਪਾੜ ਉਸ ਉਂਗਲੀ ਤੇ ਲਪੇਟਿਆ ਸੀ। ਇਹ ਦਿਨ ਸਾਵਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਸੀ। ਇਸ ਦੇ ਬਦਲੇ ਕ੍ਰਿਸ਼ਨ ਜੀ ਨੇ ਚੀਰਹਰਨ ਸਮੇਂ ਦਰੋਪਤੀ ਦੀ ਸਾੜੀ ਵਧਾ ਕੇ ਉਸਦੀ ਰੱਖਿਆ ਕੀਤੀ ਸੀ।

                            ਇਸ ਪ੍ਰਕਾਰ ਰੱਖੜੀ ਦਾ ਸਬੰਧ ਇੱਕ ਔਰਤ ਦੀ ਸੁਰੱਖਿਆ ਨਾਲ ਜੁੜਿਆਂ ਹੋਇਆ ਹੈ। ਜਿਸ ਵਿੱਚ ਉਹ ਆਪਣੇ ਹਰ ਔਖੇ ਸਮੇਂ ਵਿਚ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ। ਪਰ ਅਯੋਕੇ ਸਮੇਂ ਵਿੱਚ ਔਰਤਾਂ ਨਾਲ ਹੋ ਰਹੇ ਦੁਰਵਿਵਹਾਰ ਅਤੇ ਉਹਨਾਂ ਉਪਰ ਵੱਧ ਰਹੇ ਜ਼ੁਲਮਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਔਰਤ ਨੂੰ ਆਪਣੀ ਸੁਰੱਖਿਆ ਦਾ ਬੀੜਾ ਆਪ ਹੀ ਚੁੱਕਣਾ ਪਵੇਗਾ। ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਭਰਾ ਦੇ ਰਿਸ਼ਤੇ ਤੋਂ ਵਾਝੀਆਂ ਹੁੰਦੀਆਂ ਹਨ ਅਤੇ ਕੁੱਝ ਦੇ ਭਰਾ ਉਹਨਾਂ ਤੋਂ ਦੂਰ ਹੁੰਦੇ ਹਨ। ਅਜਿਹੇ ਵਿਚ ਔਰਤ ਦਾ ਆਪਣੀ ਸੁਰੱਖਿਆ ਲਈ ਸਵੈ-ਨਿਰਭਰ ਹੋਣਾ ਜਰੂਰੀ ਹੈ। ਇਸ ਦੇ ਨਾਲ ਹੀ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਭੈਣਾਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ਉਪਰ ਖੜ੍ਹਾ ਕਰਨ ਤਾ ਜੋ ਉਹ ਜਿੰਦਗੀ ਦੇ ਕਿਸੇ ਵੀ ਮੋੜ ਉਪਰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਣ। ਭਰਾ ਦੁਆਰਾ ਆਪਣੀ ਭੈਣ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਕੀਮਤੀ ਉਪਹਾਰ ਹੋਵੇਗਾ।

1 thought on “ਰੱਖੜੀ ਦਾ ਤਿਉਹਾਰ”

Leave a Comment

Your email address will not be published. Required fields are marked *